Annual Function 2023
ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ,ਖਡੂਰ ਸਾਹਿਬ, ਤਰਨ ਤਾਰਨ ਵਿੱਚ 7 ਅਕਤੂਬਰ, 2023 ਨੂੰ 39ਵਾਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ ਹਰਿੰਦਰ ਸਿੰਘ ਸਿੱਧੂ ਐਡੀਸ਼ਨਲ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ, ਪ੍ਰਧਾਨਗੀ ਕਰ ਰਹੇ ਕੈਨੇਡਾ ਨਿਵਾਸੀ ਸ. ਸੁਖਦੇਵ ਸਿੰਘ ਗਰੇਵਾਲ ਜੀ, ਵਿਸ਼ੇਸ਼ ਮਹਿਮਾਨਾਂ ਦੇ ਤੌਰ ‘ਤੇ ਮੈਡਮ ਗੁਨੀਤ ਕੌਰ ਗਰੇਵਾਲ ਅਤੇ ਸ.ਅਰਵਿੰਦ ਸਿੰਘ ਗਰੇਵਾਲ ਜੀ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਅਰੰਭਤਾ ਗੁਰਬਾਣੀ ਦੇ ਸ਼ਬਦ “ਸੰਤਾਂ ਕੇ ਕਾਰਜ ਆਪ ਖਲੋਆ” ਨਾਲ ਹੋਈ। ਪ੍ਰਾਇਮਰੀ ਵਿੰਗ ਦੇ ਨੰਨੇ ਮੁੰਨੇ ਬੱਚਿਆਂ ਨੇ ਸਵਾਗਤੀ ਗੀਤ ‘ਤੇ ਆਪਣੀ ਪੇਸ਼ਕਾਰੀ ਦਿੱਤੀ। ਇਸ ਉਪਰੰਤ ਪ੍ਰਿੰਸੀਪਲ ਮੈਡਮ ਮਮਤਾ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹ ਕੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਧਾਰਮਿਕ ਨਾਟਕ ‘ਗੁਰਮਤਿ ਮਰਿਯਾਦਾ’ ਅਤੇ ‘ਪੰਜ ਕਕਾਰ’ ਪੇਸ਼ ਕੀਤੇ। ਇਸ ਤੋਂ ਇਲਾਵਾ ਗਤਕਾ ਅਤੇ ਅੰਗਰੇਜੀ ਸਕਿਟ ਦੀ ਪੇਸ਼ਕਾਰੀ ਵੀ ਕੀਤੀ ਗਈ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ‘ਦਾਣਾ-ਪਾਣੀ’ ਗੀਤ ਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ. ਸੁਖਦੇਵ ਸਿੰਘ ਗਰੇਵਾਲ ਜੀ ਨੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਪੰਜਾਬੀ ਨਾਟਕ ‘ਜ਼ਫਰਨਾਮਾ’, ਵਾਰ, ਕਵੀਸ਼ਰੀ ਅਤੇ ਅੰਗਰੇਜ਼ੀ ਨਾਟਕ ਪੇਸ਼ ਕੀਤੇ। ਇਸ ਮੌਕੇ ਮੈਡਮ ਗੁਨੀਤ ਕੌਰ ਗਰੇਵਾਲ ਨੇ ਬੱਚਿਆਂ ਨੂੰ ਮਿਹਨਤ ਕਰਕੇ ਅੱਗੇ ਵਧਣ ਅਤੇ ਆਪਣੀ ਮੰਜਿਲ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਜਸਟਿਸ ਹਰਿੰਦਰ ਸਿੰਘ ਸਿੱਧੂ ਜੀ ਨੇ ਆਪਣੇ ਵਿਚਾਰਾਂ ਦੀ ਸਾਂਝ ਦੌਰਾਨ ਸਮੁੱਚੇ ਪ੍ਰੋਗਰਾਮ ਨੂੰ ਬੇਹੱਦ ਭਾਵਪੂਰਤ ਦੱਸਦਿਆਂ ਇਸਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਬੱਚਿਆਂ ਅੰਦਰ ਛੁਪੀ ਕਲਾ ਤੇ ਰੁਚੀ ਨੂੰ ਪਛਾਣ ਕੇ ਅਧਿਆਪਕਾਂ ਤੇ ਮਾਪਿਆਂ ਨੂੰ ਉਹਨਾਂ ਦੀ ਸੁਚੱਜੀ ਅਗਵਾਈ ਕਰਕੇ ਜਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ ਦਾ ਸੁਨੇਹਾ ਦਿੱਤਾ। ਜਸਟਿਸ ਸ. ਹਰਿੰਦਰ ਸਿੰਘ ਸਿੱਧੂ ਜੀ ਨੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਬੱਚਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਬਾਬਾ ਸੇਵਾ ਜੀ ਨੇ ਬੱਚਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਸਕੂਲ ਦੀ ਚੜਦੀ ਕਲਾ ਲਈ ਅਸ਼ੀਰਵਾਦ ਦਿੱਤਾ ਅਤੇ ਅੱਠਵੀਂ, ਦੱਸਵੀਂ ‘ਤੇ ਬਾਰਵੀਂ ਜਮਾਤ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟੈਬ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ। ਸਮਾਗਮ ਦੀ ਸੰਪੂਰਨਤਾ ਵੱਲ ਵੱਧਦੇ ਹੋਏ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਪ੍ਰਸਿੱਧ ਲੋਕ ਨਾਚਾਂ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੇ ਅਖੀਰ ਵਿੱਚ ਸਕੂਲ ਦੇ ਡਾਇਰੈਕਟਰ ਸ ਹਰਜਿੰਦਰ ਸਿੰਘ ਵੱਲੋ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਬਾਬਾ ਜੀ ਨੇ ਸ. ਜਗਦੇਵ ਸਿੰਘ ਕੈਲਗਰੀ ਪੰਜਾਬੀ ਅਖਬਾਰ, ਸ. ਰਵਿੰਦਰ ਸਿੰਘ ਸੁਰ ਸਾਗਰ ਚੈਨਲ ਸ. ਦਵਿੰਦਰ ਸਿੰਘ ਯੂ. ਐੱਸ. ਏ., ਸ. ਹਰਬੀਰ ਸਿੰਘ ਢਿੱਲੋਂ (ਜਲੰਧਰ) ਆਦਿ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸ ਅਵਤਾਰ ਸਿੰਘ ਬਾਜਵਾ, ਸਕੱਤਰ, ਭਾਈ ਵਰਿਆਮ ਸਿੰਘ, ਸਕੱਤਰ, ਸ ਹਰਨੰਦਨ ਸਿੰਘ, ਸਕੱਤਰ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਬਲਦੇਵ ਸਿੰਘ ,ਸਕੂਲ ਦੀ ਪ੍ਰਬੰਧਕੀ ਕਮੇਟੀ, ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ, ਅਧਿਆਪਕ ਸਾਹਿਬਾਨ ਅਤੇ ਬੱਚਿਆਂ ਦੇ ਮਾਪੇ ਮੌਜੂਦ ਸਨ।











































































































